ਚੰਡੀਗੜ੍ਹ ਸਣੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਸਮੇਂ ਭਾਰੀ ਬਾਰਸ਼ ਹੋ ਰਹੀ ਹੈ, ਜਿਸ ਨੇ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੌਸਮ ਵਿਭਾਗ ਦੇ ਮੁਤਾਬਕ, ਪੰਜਾਬ ਵਿੱਚ 17 ਤੋਂ 19 ਜੁਲਾਈ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਰਾਜਧਾਨੀ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਸਵੇਰ ਤੋਂ ਹੀ ਬੱਦਲਵਾਈ ਮਾਹੌਲ ਬਣਿਆ ਹੋਇਆ ਹੈ। ਇਹ ਮੀਂਹ ਚੰਡੀਗੜ੍ਹ, ਮੁਹਾਲੀ ਤੋਂ ਹੁੰਦਾ ਹੋਇਆ ਰੋਪੜ, ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਕੁਝ ਇਲਾਕਿਆਂ ਵਿੱਚ ਵੀ ਪਿਆ ਹੈ।
ਮੌਸਮ ਵਿਭਾਗ ਦੇ ਅਨੁਸਾਰ ਚੰਡੀਗੜ੍ਹ ਵਿੱਚ ਡੇਢ ਘੰਟੇ ਵਿੱਚ 41 ਐੱਮਐੱਮ, ਮੁਹਾਲੀ ਵਿੱਚ 7 ਐੱਮਐੱਮ, ਰੂਪਨਗਰ ਵਿੱਚ 8.5 ਐੱਮਐੱਮ, ਅਤੇ ਪਟਿਆਲਾ ਵਿੱਚ 32.5 ਐੱਮਐੱਮ ਮੀਂਹ ਪਿਆ। ਭਾਰਤੀ ਮੌਸਮ ਵਿਭਾਗ (IMD) ਨੇ ਵੀ ਮਾਨਸੂਨ ਦੀ ਬਾਰਸ਼ ਲਈ ਅਪਡੇਟ ਜਾਰੀ ਕੀਤਾ ਹੈ, ਜਿਸ ਵਿੱਚ ਦਿੱਲੀ-ਐਨਸੀਆਰ ਸਮੇਤ ਬਿਹਾਰ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਕੇਰਲ, ਲਕਸ਼ਦੀਪ, ਕਰਨਾਟਕ, ਗੁਜਰਾਤ, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਤੱਟੀ ਆਂਧਰਾ ਪ੍ਰਦੇਸ਼ ਅਤੇ ਯਨਮ ਵਿੱਚ ਵੀ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਖਣ-ਪੂਰਬੀ ਮੱਧ ਪ੍ਰਦੇਸ਼ ਅਤੇ ਆਸਪਾਸ ਦੇ ਖੇਤਰ ਵਿੱਚ ਘੱਟ ਦਬਾਅ ਦਾ ਖੇਤਰ ਬਣਿਆ ਹੈ, ਜਿਸ ਕਾਰਨ ਉਨ੍ਹਾਂ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਦਿੱਲੀ-ਐਨਸੀਆਰ ਵਿੱਚ ਵੀ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ ਅਤੇ ਮੌਸਮ ਵਿਭਾਗ ਨੇ ਇਸ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 19 ਜੁਲਾਈ ਦੇ ਆਸ-ਪਾਸ ਬੰਗਾਲ ਦੀ ਖਾੜੀ ਵਿੱਚ ਨਵਾਂ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ, ਜਿਸ ਕਾਰਨ 16-20 ਜੁਲਾਈ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ।