ਇੱਕ ਨਵੇਂ ਅਧਿਐਨ ਦੇ ਅਨੁਸਾਰ, ਰਾਤ ਨੂੰ ਲਾਈਟ ਜਗਾ ਕੇ ਸੌਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ, ਖਾਸ ਤੌਰ ‘ਤੇ ਟਾਈਪ 2 ਡਾਇਬਟੀਜ਼ ਹੋਣ ਦਾ ਖ਼ਤਰਾ ਵਧਾ ਸਕਦਾ ਹੈ। ਜੂਨ 2024 ਵਿੱਚ ਪ੍ਰਕਾਸ਼ਿਤ ਹੋਏ ਇੱਕ ਅਧਿਐਨ ਨੇ ਖੁਲਾਸਾ ਕੀਤਾ ਹੈ ਕਿ ਰਾਤ ਨੂੰ ਕਿਵੇਂ ਸੌਣਾ ਤੁਹਾਡੇ ਸ਼ੂਗਰ ਦੇ ਜੋਖਮ ਨੂੰ ਪ੍ਰਭਾਵਤ ਕਰ ਸਕਦਾ ਹੈ। ਆਸਟ੍ਰੇਲੀਆ ਦੀ ਫਲਿੰਡਰਜ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਕੀਤੇ ਅਧਿਐਨ ਨੂੰ ‘ਦਿ ਲੈਂਸੇਟ ਰੀਜਨਲ ਹੈਲਥ-ਯੂਰਪ’ ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਯੂਨੀਵਰਸਿਟੀ ਦੇ ਕਾਲਜ ਆਫ ਮੈਡੀਸਨ ਐਂਡ ਪਬਲਿਕ ਹੈਲਥ ਵਿੱਚ ਅਧਿਐਨ ਦੇ ਮੁੱਖ ਲੇਖਕ ਡਾ. ਐਂਡਰਿਊ ਫਿਲਿਪਸ ਨੇ ਕਿਹਾ ਕਿ ਅਸੀਂ ਪਾਇਆ ਕਿ ਰਾਤ ਨੂੰ ਚਮਕਦਾਰ ਰੋਸ਼ਨੀ ਦੇ ਸੰਪਰਕ ਵਿੱਚ ਆਉਣ ਨਾਲ ਟਾਈਪ 2 ਡਾਇਬਟੀਜ਼ ਹੋਣ ਦਾ ਵਧੇਰਾ ਖ਼ਤਰਾ ਹੁੰਦਾ ਹੈ। ਰਾਤ ਨੂੰ ਰੋਸ਼ਨੀ ਦੇ ਸੰਪਰਕ ਨਾਲ ਸਰਕੇਡੀਅਨ ਰਿਦਮ ਵਿੱਚ ਵਿਘਨ ਪੈ ਸਕਦਾ ਹੈ, ਜਿਸ ਨਾਲ ਇਨਸੁਲਿਨ ਸਿਕ੍ਰੀਸ਼ਨ ਅਤੇ ਗਲੂਕੋਜ਼ ਮੈਟਾਬੋਲਿਜ਼ਮ ਵਿੱਚ ਬਦਲਾਅ ਆ ਸਕਦੇ ਹਨ। ਇਹ ਤਬਦੀਲੀਆਂ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਨਿਯੰਤਰਿਤ ਕਰਨ ਦੀ ਸਰੀਰ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੀਆਂ ਹਨ, ਜੋ ਅੰਤ ਵਿੱਚ ਟਾਈਪ 2 ਡਾਇਬਟੀਜ਼ ਦਾ ਕਾਰਨ ਬਣ ਸਕਦੀਆਂ ਹਨ।
ਖੋਜਕਰਤਾਵਾਂ ਨੇ 1.3 ਕਰੋੜ ਘੰਟਿਆਂ ਦੇ ਲਾਈਟ ਸੈਂਸਰ ਡੇਟਾ ਅਤੇ ਲਗਭਗ 85 ਹਜ਼ਾਰ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ। ਜਦੋਂ ਅਧਿਐਨ ਸ਼ੁਰੂ ਹੋਇਆ, ਇਨ੍ਹਾਂ ਭਾਗੀਦਾਰਾਂ ਨੂੰ ਟਾਈਪ 2 ਡਾਇਬਟੀਜ਼ ਨਹੀਂ ਸੀ। ਨੌਂ ਸਾਲਾਂ ਤੱਕ ਚੱਲੇ ਇਸ ਅਧਿਐਨ ਨੇ ਦਰਸਾਇਆ ਕਿ ਰਾਤ ਨੂੰ ਚਮਕਦਾਰ ਰੋਸ਼ਨੀ ਦੇ ਸੰਪਰਕ ਨਾਲ ਡਾਇਬਟੀਜ਼ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਐਸੋਸੀਏਟ ਪ੍ਰੋਫੈਸਰ ਫਿਲਿਪਸ ਨੇ ਕਿਹਾ ਕਿ ਨਤੀਜਿਆਂ ਨੇ ਸੂਝਾਇਆ ਕਿ ਰਾਤ ਨੂੰ ਰੋਸ਼ਨੀ ਦੇ ਸੰਪਰਕ ਨੂੰ ਘਟਾਉਣਾ ਅਤੇ ਨੀਂਦ ਦੇ ਵਾਤਾਵਰਣ ਨੂੰ ਹਨੇਰਾ ਰੱਖਣਾ ਡਾਇਬਟੀਜ਼ ਨੂੰ ਰੋਕਣ ਦਾ ਇੱਕ ਆਸਾਨ ਅਤੇ ਸਸਤਾ ਤਰੀਕਾ ਹੋ ਸਕਦਾ ਹੈ।